ਰਾਹੁਲ ਗਾਂਧੀ ਦੇ ਦੌਰੇ ਤੋਂ ਬਾਅਦ ਬਸਪਾ ਦੇ ਸੂਬਾ ਪ੍ਰਧਾਨ ਡਾ: ਕਰੀਮਪੁਰੀ ਨੇ ਕਾਂਗਰਸ ਤੇ ਭਾਜਪਾ ਸਮੇਤ ਬਾਕੀ ਪਾਰਟੀਆਂ ਦੀ ਖੋਲੀ ਪੋਲ
ਜਲੰਧਰ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਖਵਿੰਦਰ ਭੱਟੀ, ਹਰਜਿੰਦਰ ਚੰਦੀ) ਜਾਤੀ ਉਤਪੀੜਨ ਕਾਰਨ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਵਾਲੇ ਹਰਿਆਣਾ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਦੇ ਮਾਮਲੇ ਵਿੱਚ ਅੱਜ ਕਈ ਉਲਟ ਫੇਰ ਹੋਣ ਦਾ ਬਾਵਯੂਦ ਬਸਪਾ ਦੇ ਪੰਜਾਬ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਸੰਸਦ ਮੈਂਬਰ ਨੇ ਆਪਣਾ ਸਖ਼ਤ ਸਟੈਂਡ ਮੁੜ ਸਪੱਸ਼ਟ ਕੀਤਾ। ਅੱਜ ਪੂਰਨ ਕੁਮਾਰ ਨੂੰ ਮਰਨ ਲਈ ਮਜਬੂਰ ਕਰਨ ਵਾਲਿਆਂ ਦੀ ਸੂਚੀ 'ਚ ਸੱਭ ਤੋਂ ਪ੍ਰਮੁੱਖ ਹਰਿਆਣਾ ਦੇ ਡੀਜੀਪੀ ਸ਼ਤਰੂਘਣ ਕਪੂਰ ਦੀ ਛੁੱਟੀ ਕਰਨ, ਮ੍ਰਿਤਕ ਦੇ ਪਰਿਵਾਰ ਨਾਲ ਰਾਹੁਲ ਗਾਂਧੀ ਦੁਆਰਾ ਮੁਲਾਕਾਤ ਅਤੇ ਇਸ ਮਾਮਲੇ ਨਾਲ ਖੁਦ ਨੂੰ ਜੋੜ ਕੇ ਆਤਮ ਹੱਤਿਆ ਕਰਨ ਵਾਲੇ ਏਐਸਆਈ ਦੀ ਵੀਡਿਓ ਤੇ ਸੂਸਾਇਡ ਚਰਚਾ ਵਿੱਚ ਰਹੇ ਪਰ ਬਸਪਾ ਦੇ ਸੂਬਾ ਪ੍ਰਧਾਨ ਨੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਮੁੜ ਦੁਹਰਾਇਆ। ਉਨ੍ਹਾਂ ਆਪਣੇ ਸ਼ੋਸ਼ਲ ਅਕਾਊਂਟ ਉੱਤੇ ਲਾਈਵ ਹੋ ਕੇ ਕਾਂਗਰਸ, ਭਾਜਪਾ, ਆਪ ਅਤੇ ਅਕਾਲੀ ਦਲ ਦੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਤੱਥਾਂ ਸਮੇਤ ਨੰਗਾ ਕਰਦਿਆਂ ਕਿਹਾ ਕਿ ਚਾਰਾਂ ਦੀ ਚਾਲ, ਚਰਿੱਤਰ ਤੇ ਚੇਹਰਾ ਇਕੋ ਜਿਹਾ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਏਸੇ ਹਰਿਆਣਾ 'ਚ ਕਾਂਗਰਸ ਦੀਆਂ ਸਰਕਾਰਾਂ ਵੇਲੇ ਦਲਿਤਾਂ ਦੇ ਘਰ ਜਲਾ ਕੇ ਉਨ੍ਹਾਂ ਨੂੰ ਮਾਰਨ ਵਾਲਾ ਮਿਰਚਪੁਰ ਕਾਂਡ ਹੋਇਆ ਸੀ ਤੁਸੀਂ ਉਸ ਵਿੱਚ ਕਿੰਨ੍ਹਾ ਕੂ ਇਨਸਾਫ ਦਿੱਤਾ। ਹੁਣ ਭਾਜਪਾ ਵੀ ਉਸੇ ਨੀਤੀ ਉੱਤੇ ਚੱਲ ਰਹੀ ਹੈ ਫੇਰ ਭਾਜਪਾ ਤੇ ਕਾਂਗਰਸ ਦੀ ਦਲਿਤਾਂ ਪ੍ਰਤੀ ਮਾੜੀ ਸੋਚ ਨੂੰ ਇੱਕ ਕਿਉਂ ਨਾ ਮੰਨੀਏ। ਕਾਂਗਰਸ ਦੀ ਰਾਜਸਥਾਨ ਚ ਸਰਕਾਰ ਵੇਲੇ ਸਕੂਲ ਵਿੱਚ ਘੜੇ ਚੋਂ ਪਾਣੀ ਪੀਣ ਤੇ 8 ਸਾਲ ਦੇ ਬੱਚੇ ਨੂੰ ਮਾਰ ਦਿੱਤਾ ਜਾਂਦਾ, ਉਥੇ ਕਾਂਗਰਸ ਨੇ ਕਿਹੜਾ ਇਨਸਾਫ਼ ਕੀਤਾ ਸੀ। ਹਿਮਾਚਲ ਚ ਛੂਆਛਾਤ ਕਦੋਂ ਖਤਮ ਹੋਵੇਗਾ। 78 ਸਾਲ ਦੇ ਰਾਜ ਦੌਰਾਨ ਕਾਂਗਰਸ ਨੇ 50 ਸਾਲ ਰਾਜ ਕੀਤਾ ਉਸਨੇ ਵਿਵਸਥਾ ਨੂੰ ਕਿਉਂ ਨਹੀਂ ਬਦਲਿਆ। ਉਨ੍ਹਾਂ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਜਦੋਂ ਲੁਧਿਆਣਾ ਚ ਤੁਹਾਡੇ ਵੱਲੋਂ ਦਲਿਤ ਨੂੰ ਮੁੱਖ ਮੰਤਰੀ ਦਾ ਚੇਹਰਾ ਐਲਾਨਿਆ ਗਿਆ ਸੀ ਤਾਂ ਤੁਹਾਡੀ ਹਾਜਰੀ ਵਿੱਚ ਤੁਹਾਡੇ ਆਗੂ ਨੇ ਕਿਹਾ ਸੀ ਕਿ ਚੇਹਰਾ ਜਿਸਨੂੰ ਮਰਜੀ ਬਣਾ ਦਿਓ ਪਰ ਅਰਬੀ ਘੋੜੇ ਤੇ ਗਧੇ ਚ ਫਰਕ ਰੱਖਿਓ। ਤੁਹਾਡੇ ਉਸ ਵੇਲੇ ਦੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਤੁਹਾਡੇ ਹੀ ਦਲਿਤ ਮੁੱਖ ਮੰਤਰੀ ਦੀ ਤੁਲਨਾ ਪੈਰ ਦੀ ਜੁੱਤੀ ਨਾਲ ਕੀਤੀ। ਪ੍ਰਤਾਪ ਸਿੰਘ ਬਾਜਵਾ ਨੂੰ ਜਦੋਂ 2022 ਚ ਹਾਰਨ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਰਬੀ ਘੋੜੇ ਨਹੀਂ ਗਧੇ ਛੱਡ ਦਿੱਤੇ। ਤੁਹਾਡੇ ਜਲੰਧਰ ਤੋਂ ਵਿਧਾਇਕ ਨੇ ਬੀਤੇ ਦਿਨੀਂ ਵਿਧਾਨ ਸਭਾ 'ਚ ਆਪ ਦੇ ਇੱਕ ਦਲਿਤ ਵਿਧਾਇਕ ਨੂੰ ਗਾਲ਼ਾਂ ਕੱਢ ਕੇ ਜਲੀਲ ਕੀਤਾ। ਤੁਹਾਡੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖਿਆ ਸੀ ਕਿ ਮੈਨੂੰ ਜਾਤੀ ਆਧਾਰਿਤ ਰਾਖਵੇਂਕਰਨ ਤੋਂ ਬਹੁਤ ਤਕਲੀਫ ਹੈ ਅਤੇ ਇਹ ਤਕਲੀਫ ਉਦੋਂ ਹੋਰ ਵਧ ਜਾਂਦੀ ਹੈ ਜਦੋਂ ਇਸ ਵਰਗ ਚੋਂ ਨਾ ਕਾਬਲ ਲੋਕ ਪ੍ਰਸ਼ਾਸ਼ਨਿਕ ਢਾਂਚੇ ਚ ਦਾਖਲ ਹੁੰਦੇ ਹਨ। ਨਹਿਰੂ ਨੇ ਦਲਿਤ ਪਿਛੜਾ ਵਰਗ ਦੇ ਲੋਕਾਂ ਨੂੰ ਨਾ ਕਾਬਲ ਆਖਿਆ। ਉਨ੍ਹਾਂ ਕਾਂਗਰਸ ਦੇ ਆਗੂਆਂ ਨੂੰ ਸਵਾਲ ਕੀਤਾ ਕਿ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਨਹਿਰੂ ਦੀ ਇਸ ਸੋਚ ਨੇ ਹੀ ਕਾਂਗਰਸ ਦਾ ਇਸ ਵਰਗ ਪ੍ਰਤੀ ਏਜੰਡਾ ਤੈਅ ਕਰ ਦਿੱਤਾ। ਉਨ੍ਹਾਂ ਆਤਮ ਹੱਤਿਆ ਕਰਨ ਵਾਲੇ ਏਐਸਆਈ ਦਾ ਜਿਕਰ ਨਾ ਕਰਦਿਆਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ, ਹਰਿਆਣਾ ਦੀ ਸੂਬਾ ਸਰਕਾਰ ਅਤੇ ਭਾਜਪਾ ਦੀ ਚੰਡੀਗੜ੍ਹ ਸਰਕਾਰ ਮ੍ਰਿਤਕ ਏਡੀਜੀਪੀ ਪੂਰਨ ਕੁਮਾਰ ਦੇ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੀ ਬਜਾਏ ਇਸ ਮਾਮਲੇ ਨੂੰ ਹੋਰ ਗੰਭੀਰ ਬਣਾ ਰਹੀਆਂ ਹਨ। ਜਦਕਿ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਸੰਵਿਧਾਨ ਦੇ ਮੁਤਾਬਿਕ ਪਰਿਵਾਰ ਨੂੰ ਨਿਆ ਦੇਣ ਵੱਲ ਵਧੇ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਦਲਿਤਾਂ ਦੀ ਤੁਲਨਾ ਪੈਰ ਦੀ ਜੁੱਤੀ ਨਾਲ ਕਰਨ ਵਾਲੇ ਸੁਨੀਲ ਜਾਖੜ ਨੂੰ ਕਾਂਗਰਸ ਚੋਂ ਲਿਆ ਕੇ ਪ੍ਰਮੋਟ ਕਰਨਾ ਭਾਜਪਾ ਦੀ ਦਲਿਤ ਵਿਰੋਧੀ ਸੋਚ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਉਦਾਹਰਨਾਂ ਦਿੰਦਿਆ ਕਿਹਾ ਕਿ ਇਹੀ ਹਾਲ ਆਮ ਆਦਮੀ ਪਾਰਟੀ ਦਾ ਹੈ ਜਿਸਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਦਲਿਤ ਵਿਧਾਇਕ ਨੂੰ ਵਿਧਾਨ ਸਭਾ 'ਚ ਹੀ ਜੁੱਤੀ ਸੁੰਘਾਉਣ ਦੀ ਗੱਲ ਕੀਤੀ। ਲਾਅ ਦੀਆਂ ਪੋਸਟਾਂ ਸਬੰਧੀ ਪੱਤਰ ਤੱਕ ਲਿਖ ਕੇ ਭੇਜ ਦਿੱਤਾ ਸੀ ਭਾਵੇਂ ਕਿ ਦਲਿਤ ਸਮਾਜ ਦੇ ਰੋਹ ਅੱਗੇ ਝੁੱਕ ਕੇ ਏਨ੍ਹਾ ਨੂੰ ਅਪਣਾ ਫੈਸਲਾ ਵਾਪਸ ਲੈਣਾ ਪਿਆ। ਉਨ੍ਹਾਂ ਕਿਹਾ ਕਿ ਜ਼ੋ ਪਾਪ ਭਾਜਪਾ ਦੀ ਸਰਕਾਰ ਚ ਚੰਡੀਗੜ੍ਹ ਚ ਹੋਇਆ ਉਹੀ ਪਾਪ ਆਪ ਪੰਜਾਬ ਦੀਆਂ ਵੱਖ ਥਾਵਾਂ ਉੱਤੇ ਕਰ ਰਹੀ ਹੈ। ਪਟਿਆਲਾ ਤੇ ਸੰਗਰੂਰ ਚ ਜ਼ਮੀਨ ਪ੍ਰਾਪਤੀ ਦੀ ਮੰਗ ਕਰ ਰਹੇ ਦਲਿਤਾਂ ਉੱਤੇ ਜੁਲਮ ਢਾਹਿਆ ਗਿਆ, ਧੁਲੇਤਾ ਪਿੰਡ ਵਿੱਚ ਗੁਰਦੁਆਰਾ ਸਾਹਿਬ ਤੇ ਹਮਲਾ ਕਰਵਾਇਆ ਤੇ ਰੋਕਣ ਵਾਲੇ ਲੋਕਾਂ ਜਿੰਨ੍ਹਾ 'ਚ ਔਰਤਾਂ ਤੇ ਬੱਚੀਆਂ ਵੀ ਸ਼ਾਮਿਲ ਸਨ ਉੱਤੇ ਸਰਕਾਰੀ ਤੱਸਦਦ ਢਾਹਿਆ ਗਿਆ। ਸ੍ਰ ਕਰੀਮਪੁਰੀ ਨੇ ਭਗਵੰਤ ਮਾਨ ਨੂੰ ਕਿਹਾ ਕਿ ਤੁਸੀਂ ਏਨੀ ਜਾਲਮਾਨਾ ਸਰਕਾਰ ਚਲਾ ਰਹੇ ਹੋ ਜਿਸ ਵਿੱਚ ਦਲਿਤਾਂ ਉੱਤੇ ਜੁਲਮ ਜਿਆਦਤੀ ਕਰਨ ਵਾਲੇ ਲੋਕਾਂ ਉੱਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਸੁਰੱਖਿਆ ਦਿੰਦੇ ਹੋ। ਉਨ੍ਹਾਂ ਕਿਹਾ ਕਿ ਤੁਹਾਡਾ ਜਾਲਮਾਨਾ, ਸਾਮੰਤਵਾਦੀ, ਅਨਿਆ ਅੱਤਿਆਚਾਰ ਵਾਲਾ ਵਿਵਹਾਰ ਭਾਜਪਾ ਵਾਂਗ ਹੀ ਹੈ। ਸ੍ਰ ਕਰੀਮਪੁਰੀ ਨੇ ਦੱਸਿਆ ਕਿ ਜਲੰਧਰ ਜਿਲ੍ਹੇ ਵਿੱਚ ਇੱਕ ਮੁਕਦਮਾ ਡੀਜੀਪੀ ਦੀ ਇਨਕੁਆਰੀ ਤੋਂ ਬਾਅਦ ਖਤਮ ਹੁੰਦਾ ਹੈ ਅਤੇ ਸਰਕਾਰ ਦੇ ਆਦੇਸ਼ਾਂ ਤੇ ਉਹੀ ਮੁਕਦਮਾ ਐਸ ਐਚ ਓ ਦੀ ਇਨਕੁਆਰੀ ਨਾਲ ਮੁੜ ਖੋਲ ਕੇ ਉਸਦਾ ਚਲਾਨ ਪੇਸ਼ ਕੀਤਾ ਜਾਂਦਾ ਹੈ। ਸ੍ਰ ਕਰੀਮਪੁਰੀ ਨੇ ਕਿਹਾ ਕਿ ਅਜਿਹਾ ਕੁਝ ਹੀ ਅਕਾਲੀ ਭਾਜਪਾ ਸਰਕਾਰ ਚ ਵੀ ਦਲਿਤਾਂ ਪ੍ਰਤੀ ਹੁੰਦਾ ਰਿਹਾ। ਇਸ ਲਈ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਹੋਰ ਸਮਾਨ ਗਵਾਏ ਬਸਪਾ ਦੇ ਸਹਿਯੋਗੀ ਬਣੋ ਅਤੇ ਅਜਿਹੀਆਂ ਤਾਨਾਸ਼ਾਹ ਪਾਰਟੀਆਂ ਦੀਆਂ ਸਰਕਾਰਾਂ ਨੂੰ ਜੜ੍ਹ ਤੋਂ ਉਖਾੜ ਸੁੱਟੋ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਮ੍ਰਿਤਕ ਵਾਈ ਪੂਰਨ ਕੁਮਾਰ ਦੇ ਮਾਮਲੇ ਵਿੱਚ ਬਸਪਾ ਦੀ ਕੌਮੀਂ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੇ ਜ਼ੋ ਸਟੈਂਡ ਲਿਆ ਹੈ ਅਸੀਂ ਉਸ ਉੱਤੇ ਖੜ੍ਹੇ ਹਾਂ ਤੇ ਪਰਿਵਾਰ ਨੂੰ ਇਨਸਾਫ ਦੁਆ ਕੇ ਰਹਾਂਗੇ।


No comments
Post a Comment